ਜੀ.ਐਚ.ਜੀ. ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸਧਾਰ ਨੇ ‘ਯੂਨੀਸੈਫ ਦਿਵਸ’ ਮਨਾਇਆ

ਗੁਰੂਸਰ ਸੁਧਾਰ( ਜਗਰੂਪ ਸਿੰਘ ਗਰੇਵਾਲ ਸੁਧਾਰ):ਜੀ.ਐਚ.ਜੀ. ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸਧਾਰ ਵਿਖੇ ਕਾਲਜ ਕੈਂਪਸ ਵਿੱਚ ‘ਯੂਨੀਸੈਫ ਦਿਵਸ’ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਲੈਂਗੂਏਜ ਕਲੱਬਾਂ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਗਪਾਲ ਸਿੰਘ ਸਿਵੀਆਂ ਪ੍ਰੈਸ ਰਿਪੋਰਟਰ “ਅਜੀਤ”, ਸ਼੍ਰੀਮਤੀ ਬਿੰਦੂ ਉੱਪਲ, ਪ੍ਰੈਸ ਰਿਪੋਰਟਰ “ਦੈਨਿਕ ਜਾਗਰਣ”, ਸ: ਹਰਪ੍ਰੀਤ ਸਿੰਘ ਲਾਡੀ, ਪ੍ਰੈਸ ਰਿਪੋਰਟਰ, “ਪੰਜਾਬੀ ਜਾਗਰਣ” ਅਤੇ ਵੈੱਬ ਚੈਨਲ ਤੋਂ ਸ: ਜਗਰੂਪ ਸਿੰਘ ਇਸ ਮੌਕੇ ’ਤੇ ਵਿਸ਼ੇਸ਼ ਸ੍ਰੋਤ ਵਿਅਕਤੀ ਸਨ। ਸਮਾਗਮ ਦੀ ਸ਼ੁਰੂਆਤ ਕਾਲਜ ਸ਼ਬਦ ’’ਦੇਹ ਸਿਵਾ ਬਰ ਮੋਹ‌ਿ ਇਹੈ’’ ਨਾਲ ਹੋਈ। ਪੰਜਾਬੀ ਵਿਭਾਗ ਤੋਂ ਡਾ. ਜਗਜੀਤ ਸਿੰਘ ਨੇ ਯੂਨੀਸੈੱਫ ਦਿਵਸ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਵੱਲੋਂ ਬੁਲਾਰਿਆਂ ਦਾ ਰਸਮੀ ਸਵਾਗਤ ਕੀਤਾ ਗਿਆ। ਸ: ਜਗਪਾਲ ਸਿੰਘ ਨੇ ਯੂਨੀਸੈਫ ਦਿਵਸ ਮਨਾਉਣ ਦੀ ਮਹੱਤਤਾ ‘ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਯੂਨੀਸੈਫ, ਜਿਸ ਨੂੰ ਸੰਯੁਕਤ ਰਾਸ਼ਟਰ ਚਿਲਡਰਨ ਐਮਰਜੈਂਸੀ ਫੰਡ ਵੀ ਕਿਹਾ ਜਾਂਦਾ ਹੈ, ਹਰ ਸਾਲ 11 ਦਸੰਬਰ ਨੂੰ ਵਿਸ਼ਵ ਭਰ ਵਿੱਚ ਹਰ ਬੱਚੇ ਦੇ ਬਿਹਤਰ ਭਵਿੱਖ ਦੀ ਕਲਪਨਾ ਕਰਨ ਲਈ ਮਨਾਇਆ ਜਾਂਦਾ ਹੈ। ਯੂਨੀਸੈਫ 190 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਬੱਚਿਆਂ ਦੀਆਂ ਜਾਨਾਂ ਬਚਾਉਣ, ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਉਹਨਾਂ ਦੀ ਸਮਰੱਥਾ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ, ਬਚਪਨ ਤੋਂ ਲੈ ਕੇ ਕਿਸ਼ੋਰ ਅਵਸਥਾ ਤੱਕ ਕੰਮ ਕਰਦਾ ਹੈ। ਸ਼੍ਰੀਮਤੀ ਬਿੰਦੂ ਉੱਪਲ ਨੇ ਉਜਾਗਰ ਕੀਤਾ ਕਿ ਵਿਦਿਅਕ ਸੰਸਥਾਵਾਂ ਨੂੰ ਹਰ ਬੱਚੇ ਦੇ ਅਧਿਕਾਰਾਂ, ਸੁਰੱਖਿਅਤ ਆਸਰਾ, ਸਹੀ ਪੋਸ਼ਣ, ਆਫ਼ਤਾਂ ਅਤੇ ਸੰਘਰਸ਼ਾਂ ਤੋਂ ਬਾਲ ਸੁਰੱਖਿਆ, ਸਮਾਨਤਾ, ਸਿੱਖਿਆ, ਸਮਾਜਿਕ ਸ਼ਮੂਲੀਅਤ ਦੀ ਮੰਗ ਕਰਨ ਵਾਲੇ ਨਾਅਰੇ, ਕਵਿਤਾਵਾਂ ਲਿਖਣ ਅਤੇ ਪੋਸਟਰ ਤਿਆਰ ਕਰਨ ਵਰਗੀਆਂ ਗਤੀਵਿਧੀਆਂ ਦਾ ਆਯੋਜਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਗਤੀਵਿਧੀਆਂ ਨਾ ਸਿਰਫ਼ ਵਿਸ਼ਵ ਭਰ ਦੇ ਸਮਾਜਾਂ ਵਿੱਚ ਯੂਨੀਸੈਫ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਦੀਆਂ ਹਨ, ਸਗੋਂ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇਹ ਵੀ ਅਹਿਸਾਸ ਹੁੰਦਾ ਹੈ ਕਿ ਕਿਵੇਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਹੱਲ ਕਿਵੇਂ ਕੀਤਾ ਜਾ ਸਕਦਾ ਹੈ। ਸ: ਜਗਰੂਪ ਸਿੰਘ ਨੇ ਯੂਨੀਸੈਫ ਦਿਵਸ 2023 ਦੇ ਮੁੱਖ ਪ੍ਰਸੰਗ ਭਾਵ ’’ਹਰ ਬੱਚੇ ਲਈ, ਹਰ ਅਧਿਕਾਰ” ਨੂੰ ਉਜਾਗਰ ਕੀਤਾ ਜਦਕਿ ਸ.ਹਰਪ੍ਰੀਤ ਲਾਡੀ ਨੇ ਵਿਦਿਆਰਥੀਆਂ ਨਾਲ 2023 ਲਈ ਯੂਨੀਸੈਫ ਦੀ ਯੋਜਨਾ ਸਾਂਝੀ ਕੀਤੀ। ਕਾਲਜ ਦੇ ਰੈੱਡ ਰੀਬਨ ਕਲੱਬ ਇੰਚਾਰਜ ਐਸੋਸੀਏਟ ਪ੍ਰੋਫ਼ੈਸਰ ਡਾ. ਮੰਨੂੰ ਚੱਢਾ ਜੀ ਨੇ ਸਾਰੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਈ।

LEAVE A REPLY

Please enter your comment!
Please enter your name here