ਵਿਧਾਇਕ ਮਦਨ ਲਾਲ ਬੱਗਾ, ਨਗਰ ਨਿਗਮ ਕਮਿਸ਼ਨਰ ਨੇ ਬੁੱਢੇ ਨਾਲੇ ਦਾ ਕੀਤਾ ਦੌਰਾ, ਨਾਲੇ ਦੇ ਦੂਜੇ ਪਾਸੇ ਸੜਕ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਕੰਮ ਤੇਜ਼ ਕਰਨ ਦੇ ਦਿੱਤੇ ਨਿਰਦੇਸ਼

ਲੁਧਿਆਣਾ( RAJAN ):- ਬੁੱਢੇ ਨਾਲੇ ਦੇ ਦੂਜੇ ਪਾਸੇ ਵੀ ਸੜਕ ਬਣਾਉਣ ਦੇ ਪ੍ਰਾਜੈਕਟ ਤਹਿਤ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ੁੱਕਰਵਾਰ ਨੂੰ ਬੁੱਢੇ ਨਾਲੇ ਦੇ ਨਾਲ ਲਗਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ।ਇਸ ਦਾ ਉਦੇਸ਼ ਉੱਤਰੀ ਹਲਕੇ ਵਿੱਚ ਕੀਤੇ ਜਾ ਰਹੇ ਕਈ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਨਾਲੇ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨਾ ਸੀ।ਚੰਦਰ ਨਗਰ, ਵਿਵੇਕ ਨਗਰ, ਨਿਊ ਦੀਪ ਨਗਰ ਸਮੇਤ ਹੋਰ ਇਲਾਕਿਆਂ ਵਿੱਚ ਕੀਤੇ

ਨਿਰੀਖਣ ਦੌਰਾਨ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਕੁਝ ਨਿੱਜੀ ਵਿਅਕਤੀਆਂ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ, ਜੋ ਕਿ ਸੜਕ ਬਣਾਉਣ ਦੇ ਪ੍ਰਾਜੈਕਟ ਵਿੱਚ ਅੜਿੱਕਾ ਬਣ ਰਹੇ ਹਨ।ਇਸ ਤੋਂ ਇਲਾਵਾ ਵਿਧਾਇਕ ਬੱਗਾ ਨੇ ਅਧਿਕਾਰੀਆਂ ਨੂੰ ਨਿਊ ਕੁੰਦਨਪੁਰੀ ਇਲਾਕੇ ਵਿੱਚ ਬੁੱਢੇ ਨਾਲੇ ਦੇ ਨਾਲ ਸੜਕ ਦੇ ਹਿੱਸਿਆਂ ਨੂੰ ਪੁਲੀ ਬਣਾ ਕੇ ਜੋੜਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਬੁੱਢੇ ਨਾਲੇ ਦੇ ਦੂਜੇ ਪਾਸੇ ਚਾਂਦ ਸਿਨੇਮਾ ਦੇ ਪੁਲ ਤੱਕ ਸੜਕ ਬਣਾਈ ਜਾ ਸਕੇ।ਵਿਧਾਇਕ ਨੇ ਅਧਿਕਾਰੀਆਂ ਨੂੰ ਪਾਰਕਾਂ ਦੇ ਪੁਨਰ ਵਿਕਾਸ, ਟਿਊਬਵੈੱਲ ਲਗਾਉਣ ਆਦਿ ਦੇ ਪ੍ਰੋਜੈਕਟਾਂ ਸਮੇਤ ਹਲਕੇ ਵਿੱਚ ਸ਼ੁਰੂ ਕੀਤੇ

ਗਏ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ।ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਨਾਲੇ ਦੇ ਦੂਜੇ ਪਾਸੇ ਸੜਕ ਬਣਨ ਨਾਲ ਨਾ ਸਿਰਫ਼ ਨਾਲੇ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ, ਸਗੋਂ ਇਸ ਨਾਲ ਆਵਾਜਾਈ ਵੀ ਸੁਚਾਰੂ ਹੋਵੇਗੀ।ਵਿਧਾਇਕ ਬੱਗਾ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹਿਰ ਵਾਸੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰ ਰਹੀ ਹੈ ਅਤੇ ਬੁੱਢੇ ਨਾਲੇ ਦੇ ਦੂਜੇ ਪਾਸੇ ਸੜਕ ਬਣਾਉਣ ਦਾ ਪ੍ਰਾਜੈਕਟ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਲੁਧਿਆਣਾ ਉੱਤਰੀ ਹਲਕੇ ਵਿੱਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

LEAVE A REPLY

Please enter your comment!
Please enter your name here